ਅਖੰਡ ਕੇਸਰੀ ਬਿਉਰੋ :-ਸਰਕਾਰੀ ਕਾਲਜ ਆਫ ਐਜੂਕੇਸ਼ਨ, ਜਲੰਧਰ ਵਿੱਚ 25 ਜਨਵਰੀ 2025 ਨੂੰ 15ਵਾਂ ਰਾਸ਼ਟਰੀ ਵੋਟਰ ਦਿਵਸ ਉਤਸ਼ਾਹਪੂਰਵਕ ਮਨਾਇਆ ਗਿਆ। ਇਹ ਸਮਾਰੋਹ ਮਾਣਯੋਗ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਧਿਕਾਰੀ ਜਲੰਧਰ ਅਤੇ ਉਪ ਮੰਡਲ ਮੈਜਿਸਟ੍ਰੇਟ ਜਲੰਧਰ-1 ਕਮ ਚੋਣ ਰਜਿਸਟ੍ਰੇਸ਼ਨ ਅਧਿਕਾਰੀ 035 ਜਲੰਧਰ ਕੇਂਦਰੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਵਿੱਚ 035 ਜਲੰਧਰ ਸੈਂਟਰਲ ਦੇ ਨੋਡਲ ਅਫਸਰ ਸਵੀਪ ਚੰਦਰ ਸ਼ੇਖਰ ਅਤੇ ਸਹਾਇਕ ਨੋਡਲ ਅਫਸਰ ਸਵੀਪ ਮਨਜੀਤ ਮੈਨੀ ਨੇ ਵਿਸ਼ੇਸ਼ ਰੂਪ ਨਾਲ ਹਾਜ਼ਰੀ ਭਰੀ। ਚੰਦਰ ਸ਼ੇਖਰ ਜੀ ਨੇ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ ਉਤੇ ਚਰਚਾ ਕਰਦਿਆਂ ਲੋਕਤੰਤਰ ਵਿੱਚ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੋਟ ਨੂੰ ਸਿਰਫ਼ ਹੱਕ ਹੀ ਨਹੀਂ, ਸਗੋਂ ਜ਼ਿੰਮੇਵਾਰੀ ਕਰਾਰ ਦਿੰਦੇ ਹੋਏ ਨੌਜਵਾਨਾਂ ਨੂੰ ਜਵਾਬਦੇਹ ਵੋਟਰ ਬਣਨ ਲਈ ਪ੍ਰੇਰਿਤ ਕੀਤਾ। ਮਨਜੀਤ ਮੈਨੀ ਜੀ ਨੇ ਵੀ ਵੋਟਿੰਗ ਪ੍ਰਕਿਰਿਆ, ਈਵੀਐਮ ਅਤੇ ਵੀਵੀਪੈਟ ਦੀ ਤਕਨੀਕ ਬਾਰੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਅਤੇ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਦੀ ਮਹੱਤਤਾ ਨੂੰ ਰੌਸ਼ਨ ਕੀਤਾ।
ਪ੍ਰੋਗਰਾਮ ਦੌਰਾਨ ਬੀ.ਐਡ. ਸਮੈਸਟਰ-IV ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਕ ਪ੍ਰਦਰਸ਼ਨ ਕੀਤੇ। ਹਰਜੋਤ ਸਿੰਘ ਅਤੇ ਤਰਨਦੀਪ ਕੌਰ ਨੇ ਸਟੇਜ ਸੰਚਾਲਨ ਕੀਤਾ, ਜਦਕਿ ਜਾਹਨਵੀ ਨੇ ਪੀ.ਪੀ.ਟੀ. ਰਾਹੀਂ ਵੋਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਵੰਸ਼ਿਕਾ ਦੀ ਕਵਿਤਾ ਅਤੇ ਗੁਰਜੀਤ ਤੇ ਹਰਸਿਮਰਨਪ੍ਰੀਤ ਸਿੰਘ ਦੀ ਵੀਡੀਓ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਸਮਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਸਮਾਰੋਹ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੇ ਲੋਕਤੰਤਰ ਨੂੰ ਮਜਬੂਤ ਬਣਾਉਣ ਲਈ ਆਪਣੀ ਵੋਟ ਦੇ ਸਹੀ ਇਸਤੇਮਾਲ ਦੀ ਸਹੁੰ ਚੁੱਕੀ। ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਲੋਕਤਾਂਤਰਿਕ ਪ੍ਰਕਿਰਿਆ ਵਿੱਚ ਸਰਗਰਮ ਰੂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਸਮਾਗਮ ਮੈਡਮ ਕਿਰਨਦੀਪ ਕੌਰ, ਸ਼੍ਰੀ ਵਿਨੋਦ ਅਹੀਰ ਅਤੇ ਐਨਐਸਐਸ ਕੋਆਰਡੀਨੇਟਰ ਪ੍ਰਿਅੰਕਾ ਅਗਨੀਹੋਤਰੀ ਵੱਲੋਂ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।


